top of page

ਉਰਮਿਲਾ ਆਨੰਦ
ਸੰਖੇਪ ਜੀਵਨੀ

IMG_20180629_131704.jpg

15 ਅਕਤੂਬਰ 1928-14 ਮਾਰਚ 2013

ਉਰਮਿਲਾ ਆਨੰਦ ਦਾ ਜਨਮ ਅਜੋਕੇ ਪਾਕਿਸਤਾਨ ਵਿਚ ਪੈਂਦੇ ਸ਼ਹਿਰ ਨੌਸ਼ਹਿਰਾ  ਵਿੱਚ ਹੋਇਆ। 

 

ਉਹ ਪ੍ਰਸਿੱਧ ਪੰਜਾਬੀ ਲੇਖਕ ਗੁਰਬਖਸ਼ ਸਿੰਘ ਦੀ ਤੀਜੀ ਸੰਤਾਨ ਸਨ ਜੋ ਉਸ ਸਮੇਂ, ਹਮੇਸ਼ਾ ਲਈ ਲਿਖਣ ਕਿੱਤਾ ਅਪਨਾਣ ਅਤੇ ਪ੍ਰੀਤ ਲੜੀ ਮੈਗਜ਼ੀਨ ਅਤੇ ਪ੍ਰੀਤ ਨਗਰ ਦੀ ਸਥਾਪਨਾ ਕਰਨ ਤੋਂ ਪਹਿਲਾਂ, ਰੇਲਵੇ ਇੰਜੀਨੀਅਰ ਵਜੋਂ ਸੇਵਾ ਨਿਭਾ ਰਹੇ ਸਨ। ਉਰਮਿਲਾ ਨੇ ਆਪਣੀ ਸ਼ੁਰੂਆਤੀ ਸਿੱਖਿਆ 1939 ਵਿੱਚ ਆਪਣੇ ਪਿਤਾ ਦੁਆਰਾ ਨਵੇਂ ਵਸਾਏ ਗਏ ਪ੍ਰੀਤ ਨਗਰ ਵਿੱਚ ਸਿਰਜੇ ਗਏ ਪ੍ਰੀਤ ਨਗਰ ਐਕਟੀਵਿਟੀ ਸਕੂਲ ਵਿੱਚ ਪ੍ਰਾਪਤ ਕੀਤੀ‍।

ਬੜੀ ਛੋਟੀ ਉਮਰੇ ਆਪਣੇ ਵੱਡੇ ਭਰਾ ਨਵਤੇਜ ਸਿੰਘ ਦੇ ਨਾਲ, ਉਹ ਬੱਚਿਆਂ ਦੇ ਮੈਗਜ਼ੀਨ ਬਾਲ ਸੁਨੇਹਾ ਦੀ ਸੰਪਾਦਨਾ ਕਰਨ ਲਗ ਪਏ,  ਜਿਸਦਾ ਬਾਅਦ ਵਿੱਚ ਨਾਮ ਬਦਲ  ਕੇ ਬਾਲ ਸੰਦੇਸ਼ ਕਰ ਦਿੱਤਾ ਗਿਆ ਸੀ।  ਇਸ ਤੋਂ ਬਾਅਦ ਉਹ ਉਚੇਰੀ ਪੜ੍ਹਾਈ ਲਈ ਫਤੇਹ ਚੰਦ ਕਾਲਜ, ਲਾਹੌਰ ਗਏ ਜਿੱਥੇ ਉਹ ਆਪਣੇ ਭਵਿੱਖ ਦੇ ਪਤੀ ਜਗਜੀਤ ਸਿੰਘ ਆਨੰਦ ਨੂੰ ਮਿਲੇ ।

 

ਦੇਸ ਦੀ ਵੰਡ ਅਤੇ ਉਸ ਸਮੇਂ ਤੋਂ ਬਾਅਦ ਦੀਆਂ ਸਿਆਸੀ ਘਟਨਾਵਾਂ ਦੇ ਗੇੜ ਕਾਰਨ,  ਇੱਕ ਲੰਮੇ ਪ੍ਰੇਮ-ਸੰਬੰਧ ਤੋਂ ਬਾਅਦ  ਉਨ੍ਹਾਂ ਨੇ ਆਖਰਕਾਰ 1951 ਵਿੱਚ ਜਾ ਕੇ ਵਿਆਹ ਕਰਵਾਇਆ। ਵੰਡ ਤੋਂ ਬਾਅਦ, ਨੌਜਵਾਨ ਜੋੜਾ ਜਲੰਧਰ ਆ ਗਿਆ ਅਤੇ ਉੱਥੇ ਹੀ ਆਪਣਾ ਘਰ ਵਸਾਇਆ।

 

ਉਰਮਿਲਾ ਆਨੰਦ ਆਲ ਇੰਡੀਆ ਮਹਿਲਾ ਫੈਡਰੇਸ਼ਨ ਦੀ ਪੰਜਾਬ ਇਕਾਈ,  ਪੰਜਾਬ ਇਸਤਰੀ ਸਭਾ ਵਿੱਚ ਸ਼ਾਮਲ ਹੋ ਗਏ ਤੇ ਕਈ ਦਹਾਕੇ ਇਸ ਨਾਲ ਜੁੜੇ ਰਹੇ।  ੧੯੬੦ ਦੇ ਦਹਾਕੇ  ਵਿੱਚ ਰੋਜ਼ਾਨਾ ਅਜੀਤ ਵਿਚ ਅਖ਼ਬਾਰ  ਦੇ ਮਹਿਲਾ ਸੈਕਸ਼ਨ ਦੇ ਸੰਪਾਦਕ ਵਜੋਂ ਕਾਰਜਰਤ ਹੋਣ  ਤੋਂ ਪਹਿਲਾਂ ਉਨ੍ਹਾਂ ਨੇ ਨਿੱਕੇ ਬੱਚਿਆਂ ਦੇ ਇਕ ਸਕੂਲ ਵਿੱਚ ਅਧਿਆਪਕ ਵਜੋਂ ਵੀ ਕੰਮ ਕੀਤਾ। ਉਰਮਿਲਾ ਆਨੰਦ ਨੇ ਇਸ ਸਮੇਂ ਦੌਰਾਨ ਵੱਖ-ਵੱਖ ਅਖ਼ਬਾਰਾਂ ਅਤੇ ਰਸਾਲਿਆਂ ਲਈ ਔਰਤਾਂ ਦੇ ਮੁੱਦਿਆਂ 'ਤੇ ਲੇਖ ਲਿਖੇ। 

 

ਉਨ੍ਹਾਂ ਦੀ ਪਹਿਲੀ ਕਿਤਾਬ 1963 ਵਿੱਚ ‘ਧਰੇਕ ਪੁੰਗਰ ਪਈ’ ਨਾਮ ਹੇਠ ਪ੍ਰਕਾਸ਼ਿਤ ਹੋਈ ਸੀ, ਜਿਸ ਵਿਚਲੀ ਵਾਰਤਕ ਦੀ ਆਧੁਨਿਕ,  ਭਾਵਪੂਰਤ ਅਤੇ ਸਰੋਦੀ ਸ਼ੈਲੀ ਲਈ ਬਹੁਤ ਪ੍ਰਸੰਸਾ ਹੋਈ। ਉਰਮਿਲਾ ਆਨੰਦ ਸਾਰੀ ਉਮਰ  ਔਰਤਾਂ ਦੀਆਂ ਸਮੱਸਿਆਵਾਂ ਨੂੰ ਸਮਰਪਿਤ ਰਾਜਨੀਤਿਕ ਕਾਰਕੁਨ ਰਹੇ, ਭਾਵੇਂ ਉਹ ਨਾਲ ਹੀ ਆਪਣੇ ਦੋ ਛੋਟੇ ਬੱਚਿਆਂ ਦਾ ਪਾਲਣ-ਪੋਸ਼ਣ ਵੀ ਕਰ ਰਹੇ ਸਨ।  

ਉਹ ਅਕਸਰ ਆਧੁਨਿਕ ਔਰਤਾਂ ਨੂੰ ਦਰਪੇਸ਼ ਮਾਮਲਿਆਂ 'ਤੇ ਲਿਖਦੇ ਸਨ। ਬਹੁਤ ਬਾਅਦ ਵਿੱਚ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਅਧਿਐਨ ਵਿਭਾਗ ਦੇ ਕਹਿਣ ਉੱਤੇ  ਉਨ੍ਹਾਂ ਨੇ ਪ੍ਰੀਤ ਨਗਰ ਦੇ ਦਿਨਾਂ ਦੀਆਂ ਆਪਣੀਆਂ ਯਾਦਾਂ ਬਾਰੇ ਇੱਕ ਹੋਰ ਕਿਤਾਬ ਲਿਖੀ। ‘ਪ੍ਰੀਤ ਨਗਰ - ਧੁੰਧਲੇ ਪਰਛਾਂਵੇਂ’ ਸਿਰਲੇਖ ਹੇਠ ਪੰਜਾਬੀ ਵਿੱਚ ਲਿਖੀ ਗਈ ਇਸ ਕਿਤਾਬ ਦਾ ਬਾਅਦ ਵਿੱਚ ਹਿੰਦੀ ਦੇ ਨਾਲ-ਨਾਲ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਗਿਆ। ੨੦੧੩ ਵਿੱਚ  ਉਨ੍ਹਾਂ ਦਾ ਦੇਹਾਂਤ ਹੋ ਗਿਆ। 

 

੨੦੧੮ ਵਿੱਚ ਉਨ੍ਹਾਂ ਦੀ ਯਾਦ ਵਿੱਚ ਸਾਲ ਦੀ ਸਭ ਤੋਂ ਵਧੀਆ ਪੰਜਾਬੀ ਛੋਟੀ ਕਹਾਣੀ ਲਈ ਇੱਕ ਪੁਰਸਕਾਰ ਸਥਾਪਤ ਕੀਤਾ ਗਿਆ , ਜੋ ਹਰ ਵਰ੍ਹੇ ਨਿਤਰ ਕੇ ਆਉਣ ਵਾਲੀਆਂ ਕਹਾਣੀਆਂ ਵਿਚੋਂ ਬਿਹਤਰੀਨ ਚੁਣੀ ਗਈ ਕਹਾਣੀ ਨੂੰ ਦਿਤਾ ਜਾਂਦਾ ਹੈ।

bottom of page