top of page

ਜਗਜੀਤ ਸਿੰਘ ਆਨੰਦ
ਸੰਖੇਪ ਜੀਵਨੀ

Jagjit Singh Anand.jpg

28 ਦਸੰਬਰ 1921 – 19 ਜੂਨ 2015

"ਮੈਨੂੰ ਕੱਟੜਪੰਥੀਆਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਇਸ ਕੰਮ ਨੂੰ ਅੰਜਾਮ ਦੇਣ ਦੀਆਂ ਕੋਸ਼ਿਸ਼ਾਂ ਨਾਲ ਨਹੀਂ ਰੋਕਿਆ ਜਾ ਸਕਦਾ,  ਮੈਂ ਹਰ ਕੀਮਤ 'ਤੇ ਪ੍ਰੈਸ ਦੀ ਆਜ਼ਾਦੀ ਨੂੰ ਬਰਕਰਾਰ ਰੱਖਾਂਗਾ।"

 

ਜਗਜੀਤ ਸਿੰਘ ਆਨੰਦ ਭਾਰਤੀ ਕਮਿਊਨਿਸਟ ਕਾਰਕੁਨ, ਪੱਤਰਕਾਰ, ਲੇਖਕ ਅਤੇ ਆਜ਼ਾਦੀ ਘੁਲਾਟੀਏ ਸਨ। 1921 ਵਿੱਚ ਤਰਨ ਤਾਰਨ ਵਿਖੇ ਮਹਿਤਾਬ ਸਿੰਘ ਅਤੇ ਤੇਜਵੰਤ ਕੌਰ ਦੇ ਘਰ ਪੈਦਾ ਹੋਏ  ਜਗਜੀਤ ਸਿੰਘ ਆਨੰਦ ਨੇ ਮੁੱਢਲੀ ਸਿੱਖਿਆ ਸਥਾਨਕ ਗੁਰੂ ਅਰਜਨ ਦੇਵ ਖਾਲਸਾ ਹਾਈ ਸਕੂਲ ਵਿੱਚ ਪ੍ਰਾਪਤ ਕੀਤੀ ਜਿੱਥੇ ਉਨ੍ਹਾਂ ਦੇ ਪਿਤਾ ਮੁੱਖ ਅਧਿਆਪਕ ਸਨ। ਉਚੇਰੀ ਵਿਦਿਆ ਲਈ ਉਨ੍ਹਾਂ ਫੋਰਮੈਨ ਕ੍ਰਿਸਚੀਅਨ ਕਾਲਜ, ਲਾਹੌਰ ਵਿੱਚ ਦਾਖ਼ਲਾ ਲਿਆ, ਤੇ ਏਥੇ ਹੀ ਸਿਆਸਤ ਨਾਲ ਉਨ੍ਹਾਂ ਦੀ ਮੁੱਢਲੀ ਸਾਂਝ ਪਈ ਜੋ ਤਾਅ ਉਮਰ ਨਿਭੀ । 1938 ਤੋਂ 1941 ਤੱਕ ਉਹ ਲਾਹੌਰ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ ਰਹੇ। 

 

ਇਨ੍ਹਾਂ ਸਾਲਾਂ ਦੌਰਾਨ ਹੀ ਉਹ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਆਜ਼ਾਦੀ ਤੋਂ ਬਾਅਦ ਦੇ ਸਾਲਾਂ ਵਿੱਚ ਪਾਰਟੀ ਦੀਆਂ ਉਤਲੀਆਂ ਸਫ਼ਾਂ ਵਿਚ ਸ਼ਾਮਲ ਰਹੇ । ਲਾਹੌਰ ਵਾਸ ਦੇ ਸਮੇਂ ਦੌਰਾਨ ਉਹ ਸਥਾਪਤ ਪੰਜਾਬੀ ਲੇਖਕ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਨੌਜਵਾਨ ਪੁੱਤਰ ਨਵਤੇਜ ਸਿੰਘ ਦੇ ਸੰਪਰਕ ਵਿੱਚ ਵੀ ਆਏ ਜੋ ਪਿੱਛੋਂ ਦਾ ਕੇ ਖ਼ੁਦ ਇੱਕ ਮਹੱਤਵਪੂਰਨ ਪੰਜਾਬੀ  ਕਹਾਣੀ ਲੇਖਕ ਅਤੇ ਸੰਪਾਦਕ ਵਜੋਂ ਜਾਣੇ ਗਏ। ਦੋਹਾਂ ਦੋਸਤਾਂ ਨੇ ਮਿਲ ਕੇ ਵਾਂਦਾ ਵਾਸੀਲਿਊਸਕਾ ਦੇ ਨਾਵਲ 'ਰੇਨਬੋ' ਦਾ ਪੰਜਾਬੀ ਵਿੱਚ ਅਨੁਵਾਦ ਕੀਤਾ, ਜਿਸਦੇ ਪੰਜਾਬੀ ਸੰਸਕਰਣ  ਨੂੰ 'ਸਤਰੰਗੀ ਪੀਂਘ' ਵਜੋਂ ਜਾਣਿਆ ਜਾਂਦਾ ਹੈ, ਅਤੇ ਇਹ ਪਿਛਲੇ ਲਗਭਗ 70 ਸਾਲਾਂ ਤੋਂ ਲਗਾਤਾਰ ਛਪਦਾ ਆ  ਰਿਹਾ ਹੈ ।  ਅਨੁਵਾਦਤ -ਸਾਹਿਤ ਦੇ ਪਿੜ ਵਿਚ  ਇਸਨੂੰ ਇੱਕ ਮੀਲ-ਪੱਥਰ ਮੰਨਿਆ ਜਾਂਦਾ ਹੈ।  ਇਹ ਆਪਸੀ  ਦੋਸਤੀ ਹੀ ਜਗਜੀਤ ਸਿੰਘ ਆਨੰਦ ਦੀ ਨਵਤੇਜ ਸਿੰਘ ਦੀ ਛੋਟੀ ਭੈਣ ਉਰਮਿਲਾ ਨਾਲ ਪਛਾਣ ਦਾ  ਸਬਬ ਬਣੀ ਨੇ ਤੇ 1951 ਵਿਚ ਦੋਵੇਂ ਵਿਆਹ ਦੇ ਬੰਧਨ ਵਿਚ ਬਝ ਗਏ। ਉਰਮਿਲਾ ਖ਼ੁਦ ਵੀ ਲੇਖਕ ਸੀ।

 

ਜਗਜੀਤ ਸਿੰਘ ਆਨੰਦ  ਸਾਰੀ ਜ਼ਿੰਦਗੀ ਇਕੇ ਵੇਲੇ ,ਰਾਜਨੀਤਿਕ ਅਤੇ ਸਾਹਿਤਕ, ਦੁਹਾਂ ਰਾਹਾਂ ਦੇ ਸ਼ਾਹਸਵਾਰ ਰਹੇ । ਇਹ ਕਹਿਣਾ ਔਖਾ ਹੈ ਪੇਸ਼ੇ ਤੋਂ  ਪੱਤਰਕਾਰ, ਇੱਕ ਉੱਤਮ ਲੇਖਕ ਅਤੇ ਅਨੁਵਾਦਕ , ਆਨੰਦ ਸਾਹਿਤਕਾਰ ਬਹੁਤੇ ਸਨ ਜਾਂ ਸਰਗਰਮ ਸਿਆਸਤਦਾਨ ।  ਉਨ੍ਹਾਂ ਦੇ 30 ਤੋਂ ਵੱਧ ਪ੍ਰਕਾਸ਼ਨ ਮਿਲਦੇ ਹਨ ਜਿਨ੍ਹਾਂ ਵਿਚ ਅਨੁਵਾਦਤ ਤੇ ਮੌਲਿਕ, ਦੋਵੇਂ  ਕਿਸਮ ਦੀਆਂ ਕਿਤਾਬਾਂ ਸ਼ਾਮਲ ਹਨ । 1956 ਵਿੱਚ  ਸਥਾਪਤ ਹੋਈ ਕੇਂਦਰੀ ਪੰਜਾਬੀ ਲੇਖਕ ਸਭਾ ਦੇ  ਉਹ ਸੰਸਥਾਪਕ ਅਤੇ ਕਾਰਜਕਾਰੀ ਮੈਂਬਰ ਸਨ।  1965 ਵਿੱਚ ਉਨ੍ਹਾਂ ਨੂੰ ਸਰਵੋਤਮ ਅਨੁਵਾਦਕ ਦੇ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਅਤੇ 1971 ਵਿੱਚ ਪੰਜਾਬ ਸਰਕਾਰ ਵੱਲੋਂ ਸ਼ਿਰੋਮਣੀ ਪੱਤਰਕਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

 

ਉਹ ਅੱਧੀ ਸਦੀ ਤੋਂ ਵੱਧ ਸਮਾਂ ਰੋਜ਼ਾਨਾ  ਨਵਾਂ ਜ਼ਮਾਨਾ ਦੇ ਮੁਖ ਸੰਪਾਦਕ ਰਹੇ । ਉਹ ਵੀਹਵੀਂ ਸਦੀ ਦੇ ਦੋ ਆਖ਼ਰੀ ਦਹਾਕਿਆਂ ਵਿੱਚ ਪੰਜਾਬ ਸੰਕਟ ਦੌਰਾਨ ਅਕਾਲੀਆਂ ,ਕਾਂਗਰਸ ਅਤੇ ਅੱਤਵਾਦੀਆਂ ਦੀ ਮੌਕਾਪ੍ਰਸਤੀ 'ਤੇ ਸਪੱਸ਼ਟ ਬੋਲਣ ਅਤੇ ਲਿਖਣ ਲਈ ਜਾਣੇ ਜਾਂਦੇ ਹਨ। ਆਨੰਦ ਨੇ ਜਾਨੋਂ ਮਾਰ ਦਿੱਤੇ ਜਾਣ ਦੀਆਂ ਧਮਕੀਆਂ ਦਾ ਨਿਡਰ ਮੁਕਾਬਲਾ ਕੀਤਾ।

 

1974 ਵਿੱਚ, ਉਹ ਪੰਜਾਬ ਰਾਜ ਦੀ ਪ੍ਰਤੀਨਿਧਤਾ ਕਰਨ ਲਈ ਭਾਰਤੀ ਸੰਸਦ ਦੇ ਉੱਚ ਸਦਨ ਰਾਜ ਸਭਾ ਲਈ ਚੁਣੇ ਗਏ। ਉਨ੍ਹਾਂ ਨੇ ਉੱਤਰੀ ਰੇਲਵੇ ਵਰਕਰਜ਼ ਯੂਨੀਅਨ ਅਤੇ ਨਾਰਥ ਇੰਡੀਆ ਯੂਨੀਵਰਸਿਟੀ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ। ਉਹ ਆਲ ਇੰਡੀਆ ਯੂਨੀਵਰਸਿਟੀ ਅਤੇ ਕਾਲਜ ਇੰਪਲਾਈਜ਼ ਫੈਡਰੇਸ਼ਨ ਦੇ ਕਾਰਜਕਾਰੀ ਪ੍ਰਧਾਨ ਵੀ ਸਨ।

1963 ਤੋਂ ਜੂਨ 2015  ਵਿੱਚ ਆਪਣੀ ਮੌਤ ਤੱਕ ਉਹ ਲਗਾਤਾਰ  ਰੋਜ਼ਾਨਾ  ਨਵਾਂ ਜ਼ਮਾਨਾ ਦੇ ਮੁੱਖ ਸੰਪਾਦਕ ਰਹੇ।

 

ਪੰਜਾਬ ਨਾਲ ਸਬੰਧਤ ਮੁੱਦਿਆਂ ਵਿੱਚ ਮਹੱਤਵਪੂਰਨ ਯੋਗਦਾਨ ਲਈ ਕਿਸੇ ਇੱਕ ਪੱਤਰਕਾਰ ਨੂੰ ਸਨਮਾਨਿਤ ਕਰਨ ਲਈ ਸਲਾਨਾ ਪੁਰਸਕਾਰ ਜਗਜੀਤ ਸਿੰਘ ਆਨੰਦ ਦੀ ਯਾਦ ਵਿਚ 2018 ਵਿਚ ਸ਼ੁਰੂ ਕੀਤਾ ਗਿਆ ਸੀ।

bottom of page